Monday 16 May 2016

ਜੁਲਾਹੇ ਦਾ ਕੈਨਵਸ – ਅਰਪਨਾ ਕੌਰ /ਵੀਨਾ ਭਾਟੀਆ




 अर्पणा कौर
ਕਲਾ ਦੀ ਕਥਾ
ਅਰਪਨਾ ਕੌਰ ਦੇਸ਼ ਦੀ ਪ੍ਰਸਿੱਧ ਚਿੱਤਰਕਾਰ ਹੈ। ਸਮਕਾਲੀ ਭਾਰਤੀ ਕਲਾ ਵਿੱਚ ਉਸ ਦਾ ਆਪਣਾ ਇੱਕ ਖ਼ਾਸ ਸਥਾਨ ਹੈ। ਉਸ ਦੇ ਬਣਾਏ ਚਿੱਤਰ ਪੂਰੀ ਦੁਨੀਆਂ ਦੀਆਂ ਪ੍ਰਮੁੱਖ ਆਰਟ ਗੈਲਰੀਆਂ ਵਿੱਚ ਪ੍ਰਦਰਸ਼ਿਤ ਹੋ ਚੁੱਕੇ ਹਨ। ਆਧੁਨਿਕ ਕਲਾ ਵਿੱਚ ਉਂਜ ਤਾਂ ਕਈ ਭਾਰਤੀ ਚਿੱਤਰਕਾਰਾਂ ਨੇ ਆਪਣੀ ਜਗ੍ਹਾ ਬਣਾਈ ਹੈ, ਪਰ ਅਰਪਨਾ ਕੌਰ ਦਾ ਕੰਮ ਵਿਲੱਖਣ ਹੈ। ਉਸ ਦੇ ਚਿੱਤਰ ਹੋਰ ਪ੍ਰਮੁੱਖ ਆਧੁਨਿਕ ਚਿੱਤਰਕਾਰਾਂ ਵਾਂਗ ਸਿਰਫ਼ ਕਲਪਨਾਤਮਕ ਹੀ ਨਹੀਂ ਹਨ ਸਗੋਂ ਉਨ੍ਹਾਂ ਵਿੱਚ ਸਾਹਮਣੇ ਆਇਆ ਯਥਾਰਥ ਇਹ ਦਿਖਾਉਂਦਾ ਹੈ ਕਿ ਉਸ ਦਾ ਹਾਸ਼ੀਏ ’ਤੇ ਧੱਕੇ ਮਨੁੱਖ ਦੇ ਭਾਵ-ਜਗਤ ਨਾਲ ਗੂੜ੍ਹਾ ਸਬੰਧ ਹੈ। ਉਹ ਮਨੁੱਖੀ ਮਨ ਦੇ ਹਨੇਰੇ ਕੋਨਿਆਂ ’ਚ ਝਾਕਦੀ ਅਤੇ ਉਸ ਦੇ ਦਰਦ ਨੂੰ ਕੈਨਵਸ ’ਤੇ ਇਸ ਤਰ੍ਹਾਂ ਚਿਤਰਦੀ ਹੇ ਕਿ ਉਹ ਕਵਿਤਾ ਦਾ ਰੂਪ ਲੈ  ਲੈਂਦਾ ਹੈ। ਇਹੀ ਅਰਪਨਾ ਕੌਰ ਦੀ ਖ਼ਾਸੀਅਤ ਹੈ। ਉਸ ਦੀ ਕਲਾ ਜ਼ਿੰਦਗੀ ਦੀਆਂ ਤਲਖ਼ ਸੱਚਾਈਆਂ ਨੂੰ ਸਾਹਮਣੇ ਲਿਆਉਂਦੀ ਹੈ। ਉਹ ਕਲਪਨਾ ਵਿੱਚ ਵੀ ਅਸਲੀਅਤ ਦੇ ਰੰਗ ਬਿਖੇਰ ਦਿੰਦੀ ਹੈ। ਭਾਰਤੀ ਔਰਤਾਂ ਦੀ ਮਾੜੀ ਦਸ਼ਾ ਨੇ ਉਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਹ ਉਸ ਦੇ ਕੰਮ ਵਿੱਚੋਂ ਹਮੇਸ਼ਾਂ ਝਲਕਦਾ ਹੈ। ਉਸ ਨੇ ਵ੍ਰਿੰਦਾਵਨ ਦੀਆਂ ਔਰਤਾਂ ਦੀ ਹਾਲਤ ’ਤੇ ‘ਵਿਡੋਜ਼ ਆਫ਼ ਵ੍ਰਿੰਦਾਵਨ’ ਨਾਂ ਦੀ ਚਿੱਤਰ ਲੜੀ ਬਣਾਈ, ਜੋ ਦੁਨੀਆਂ ਭਰ ਵਿੱਚ ਚਰਚਿਤ ਰਹੀ। ਇਸੇ ਤਰ੍ਹਾਂ 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਉਸ ਦੇ ਚਿੱਤਰਾਂ ਦੀ ਲੜੀ ‘ਵਰਲਡ ਗੋਜ਼ ਔਨ’ ਜਗਤ ਪ੍ਰਸਿੱਧ ਹੋਈ।
ਅਰਪਨਾ ਕੌਰ ਦਾ ਜਨਮ ਦਿੱਲੀ ਵਿੱਚ 4 ਸਤੰਬਰ 1954 ਨੂੰ ਹੋਇਆ। ਉਸ ਦੀ ਮਾਂ ਅਜੀਤ ਕੌਰ ਪੰਜਾਬੀ ਦੀ ਪ੍ਰਸਿੱਧ ਲੇਖਿਕਾ ਹੈ। ਅਰਪਨਾ ਕੌਰ ਨੇ ਦਿੱਲੀ ਯੂਨੀਵਰਸਿਟੀ ਤੋਂ ਸਾਹਿਤ ਵਿੱਚ ਐੱਮ ਏ ਕੀਤੀ। ਉਸ ਨੇ ਚਿੱਤਰਕਾਰੀ ਦੀ ਰਸਮੀ ਸਿੱਖਿਆ ਨਹੀਂ ਲਈ। ਉਸ ਉੱਤੇ ਪਹਾੜੀ ਚਿੱਤਰਕਲਾ ਅਤੇ ਲੋਕਧਾਰਾ ਦਾ ਡੂੰਘਾ ਪ੍ਰਭਾਵ ਹੈ। ਦਾਰਸ਼ਨਿਕ ਪੱਖ ਤੋਂ ਉਹ ਗੁਰੂ ਨਾਨਕ, ਭਗਤ ਕਬੀਰ, ਮਹਾਤਮਾ ਬੁੱਧ, ਜੋਗੀ-ਜੋਗਣ ਅਤੇ ਸੂਫ਼ੀ ਵਿਚਾਰਧਾਰਾ ਦਾ ਅਸਰ ਕਬੂਲਦੀ ਹੈ। ਜਾਪਾਨ ’ਤੇ ਸੁੱਟੇ ਗਏ ਪਰਮਾਣੂ ਬਾਰੇ ਉਸ ਵੱਲੋਂ ਬਣਾਇਆ ਗਿਆ ਚਿੱਤਰ ਹੀਰੋਸ਼ੀਮਾ ਦੇ ਆਧੁਨਿਕ ਕਲਾ ਅਜਾਇਬਘਰ ਵਿੱਚ ਸਥਾਈ ਤੌਰ ’ਤੇ ਰੱਖਿਆ ਗਿਆ ਹੈ। ਕਲਾ ਦੀ ਗੁੜ੍ਹਤੀ ਉਸ ਨੂੰ ਘਰ ਵਿੱਚੋਂ ਹੀ ਮਿਲੀ। ਬਾਲਪਨ ਵਿੱਚ ਉਹ ਆਪਣੀ ਮਾਂ ਅਜੀਤ ਕੌਰ ਨੂੰ ਨਾਗਾਸਾਕੀ ਅਤੇ ਹੀਰੋਸ਼ੀਮਾ ਦੇ ਪਰਮਾਣੂ ਹਮਲੇ ਦੇ ਮ੍ਰਿਤਕਾਂ ਲਈ ਪ੍ਰਾਰਥਨਾ ਕਰਦਿਆਂ ਦੇਖਦੀ। ਇਹੀ ਗੱਲ ਉਸ ਦੇ ਇਸ ਬਾਰੇ ਚਿੱਤਰ ਦਾ ਆਧਾਰ ਬਣੀ। 1980 ਵਿੱਚ ਉਸ ਨੇ ਧਰਤੀ ਨਾਂ ਚਿੱਤਰ ਲੜੀ ਬਣਾਈ। ਇਸ ਵਿੱਚ ਉਸ ਨੇ ਬਾਬਾ ਨਾਨਕ, ਭਗਤ ਕਬੀਰ, ਮਹਾਤਮਾ ਬੁੱਧ ਅਤੇ ਭਾਰਤ ਦੀ ਆਜ਼ਾਦੀ ਘੋਲ ਦੇ ਨਾਇਕ ਭਗਤ ਸਿੰਘ, ਊਧਮ ਸਿੰਘ ਅਤੇ ਮਹਾਤਮਾ ਗਾਂਧੀ ਦੇ ਚਿੱਤਰ ਬਣਾਏ। ਅਰਪਨਾ ਕੌਰ ਦੇ ਦੱਸਣ ਮੁਤਾਬਿਕ ਬਚਪਨ ਵਿੱਚ ਉਸ ਨੇ ਪੁਰਸ਼ ਪ੍ਰਧਾਨ ਸਮਾਜ ਵਿੱਚ ਆਪਣੀ ਮਾਂ ਅਜੀਤ ਕੌਰ ਨੂੰ ਆਪਣੀ ਧੀ (ਅਰਪਨਾ) ਅਤੇ ਖ਼ੁਦ ਲਈ ਸੰਘਰਸ਼ ਕਰਦਿਆਂ ਦੇਖਿਆ। ਇਸ ਤੋਂ ਉਸ ਨੂੰ ਔਰਤ ਦੇ ਜੀਵਨ ਦਾ ਸੱਚ ਸਮਝ ਆਇਆ। ਇਸੇ ਲਈ ਉਸ ਨੇ ਦੱਬੀਆਂ-ਕੁਚਲੀਆਂ ਤੇ ਮਜ਼ਲੂਮ ਔਰਤਾਂ ਨੂੰ ਚਿਤਰਤ ਕੀਤਾ।
ਅਰਪਨਾ ਕੌਰ ਨੇ 1975 ਵਿੱਚ ਆਪਣੇ ਚਿੱਤਰਾਂ ਦੀ ਪਹਿਲੀ ਨੁਮਾਇਸ਼ ਦਿੱਲੀ ਵਿੱਚ ਲਾਈ। 1984 ਦੇ ਸਿੱਖ ਵਿਰੋਧੀ ਦੰਗਿਆਂ ਬਾਰੇ ਬਣਾਏ ਉਸ ਦੇ ਚਿੱਤਰ 1986 ਵਿੱਚ ਪ੍ਰਦਰਸ਼ਿਤ ਕੀਤੇ ਗਏ। ਇਨ੍ਹਾਂ ਲਈ ਉਸ ਨੂੰ ਟ੍ਰਾਈਨਲੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਦੇ ਚਿੱਤਰਾਂ ਵਿੱਚ ਹਰ ਪੱਖ ਤੋਂ ਭਾਰਤੀ ਸੱਭਿਆਚਾਰ ਝਲਕਦਾ ਹੈ। ਸੂਤ ਨਾਲ ਬੁਣਿਆ ਤਾਣਾ-ਬਾਣਾ ਭਾਵ ਜੁਲਾਹੇ ਦੇ ਕੈਨਵਸ ਵਾਂਗ। ਉਸ ਦੇ ਚਿੱਤਰਾਂ ਵਿੱਚ ਭਗਤਾਂ ਦਾ ਫਲਸਫ਼ਾ ਉਨਾ ਸਪੱਸ਼ਟ ਹੈ ਜਿੰਨਾ ਚਿੱਤਰਕਲਾ ਰਾਹੀਂ ਵੱਧ ਤੋਂ ਵੱਧ ਪੇਸ਼ ਕੀਤਾ ਜਾ ਸਕਦਾ ਹੈ। ਉਸ ਦੇ ਬਣਾਏ ਚਿੱਤਰ ਵੱਡੇ ਆਕਾਰ ਦੇ ਹੋਣ ਸਦਕਾ ਉਨ੍ਹਾਂ ਦਾ ਪ੍ਰਭਾਵ ਵੀ ਵੱਡਾ ਹੀ ਹੁੰਦਾ ਹੈ।
ਅਰਪਨਾ ਕੌਰ ਦੇ ਚਿੱਤਰ ਸ਼ੈਲੀ, ਵਿਸ਼ਿਆਂ ਅਤੇ ਸਰੋਕਾਰਾਂ ਬਾਰੇ ਅਖ਼ਬਾਰਾਂ ਰਸਾਲਿਆਂ ਵਿੱਚ ਕਾਫ਼ੀ ਕੁਝ ਲਿਖਿਆ ਜਾ ਚੁੱਕਿਆ ਹੈ। ਆਧੁਨਿਕ ਭਾਰਤੀ ਚਿੱਤਰਕਲਾ ਵਿੱਚ ਉਸ ਦਾ ਆਪਣਾ ਅਹਿਮ ਸਥਾਨ ਹੈ। ਉਹ ਮੂਹਰਲੀ ਸਫ਼ ਦੇ ਚਿੱਤਰਕਾਰਾਂ ਵਿੱਚ ਸ਼ੁਮਾਰ ਹੈ। ਅੱਜ ਕਲਾ ਜਗਤ ਵਿੱਚ ਕਈ ਤਰ੍ਹਾਂ ਦੀਆਂ ਨਕਾਰਾਤਮਕ ਰੁਚੀਆਂ ਪ੍ਰਚਲਿੱਤ ਹੋ ਗਈਆਂ ਹਨ ਜਿਨ੍ਹਾਂ ਵਿੱਚੋਂ ਖ਼ੁਦ ਦਾ ਪ੍ਰਚਾਰ ਅਤੇ ਕਲਾ ਨੂੰ ਵਿਕਾਊ ਵਸਤ ਬਣਾਉਣ ਦੀ ਪ੍ਰਵਿਰਤੀ ਸਭ ਤੋਂ ਵੱਧ ਨਕਾਰਾਤਮਕ ਹਨ। ਅਜੋਕਾ ਕਲਾ ਬਾਜ਼ਾਰ ਕਿਤੇ ਨਾ ਕਿਤੇ ਕਲਾ ਵਿਰੋਧੀ ਹੋ ਗਿਆ ਹੈ। ਅਰਪਨਾ ਕੌਰ ਵੀ ਇਸ ਗੱਲ ਨੂੰ ਸਵੀਕਾਰ ਕਰਦੀ ਹੈ, ਭਾਵੇਂ ਉਸ ਦੇ ਚਿੱਤਰ ਵਪਾਰਕ ਪੱਖ ਤੋਂ ਵੀ ਘੱਟ ਕਾਮਯਾਬ ਨਹੀਂ ਰਹੇ। ਉਹ ਮੰਡੀ ਦੇ ਸੁਭਾਅ ਤੋਂ ਵਾਕਫ਼ ਹੈ, ਪਰ ਉਸ ਨੇ ਕਦੇ ਵੀ ਔਰਤ ਨੂੰ ਵਸਤ ਸਮਝਣ ਵਾਲੇ ਖ਼ਰੀਦਦਾਰਾਂ ਲਈ ਕੈਨਵਸ ’ਤੇ ਔਰਤ ਨਹੀਂ ਚਿਤਰੀ। ਇੱਕ ਵਾਰ ਉਸ ਦੇ ਚਿੱਤਰਾਂ ਦੀ ਨਕਲ ਦਿੱਲੀ ਵਿੱਚ ਬਰਾਮਦ ਹੋਈ ਸੀ। ਇਸ ’ਤੇ ਉਸ ਨੇ ਭਰੇ ਮਨ ਨਾਲ ਕਿਹਾ ਸੀ, ‘‘ਕਲਾ ਦੀ ਦੁਨੀਆਂ ਵਿੱਚ ਨੈਤਿਕਤਾ ਨਾ ਬਚੀ ਰਹੇ ਤਾਂ ਫਿਰ ਕਲਾ ਦੀ ਪਰਿਭਾਸ਼ਾ ਵੀ ਬਦਲਣੀ ਪਵੇਗੀ।’’ ਫ਼ਿਲਹਾਲ, ਅਰਪਨਾ ਕੌਰ ਪੂਰੀ ਤਰ੍ਹਾਂ ਮਨੁੱਖਤਾ ਅਤੇ ਮਨੁੱਖ ਦੇ ਸੰਘਰਸ਼ਾਂ ਵਿੱਚ ਵਿਸ਼ਵਾਸ ਰੱਖਦੀ ਹੈ।
ਸੰਪਰਕ: 90135-10023